Friday, July 6, 2018

ਘੁਟਣ

ਖੋਲ੍ਹ ਦਿਓ ਦਰਵਾਜ਼ੇ, ਪਰਦੇ, ਖਿੜਕੀਆਂ।
ਘੁਟਣ ਭਰੇ ਮਾਹੌਲ 'ਚ ਕੰਧਾਂ ਤਿੜਕੀਆਂ।

ਤਸਵੀਰਾਂ ਦੇ ਸ਼ੀਸ਼ੇ ਗ਼ਰਦੇ ਨਾਲ਼ ਭਰੇ
ਚਿਹਰੇ ਗਏ ਮਸੋਸੇ ਸੁਣ-ਸੁਣ ਝਿੜਕੀਆਂ।

ਫ਼ੁੱਲਦਾਨਾਂ ਵਿੱਚ ਜਕੜੀਆਂ ਮਹਿਕਾਂ ਕੁਰਲਾਵਣ
ਬਾਹਰ ਰੰਗਾਂ ਤਾਈਂ ਬਹਾਰਾਂ ਤਰਸੀਆਂ।

ਚਾਨਣੀਆਂ ਰਾਤਾਂ ਨਾਲ਼ ਭੁਰਨ ਬਨੇਰੇ ਨਾ
ਧੁੱਪ ਦੇ ਭਾਰ 'ਚ ਕਦ ਨੇ ਨੀਹਾਂ ਗਰਕੀਆਂ।

"ਉੱਚੇ ਘਰ" ਦੀ ਧੀ ਦੇ ਚਾਵਾਂ ਵਾਂਗ ਰੁਲਣ
ਡਾਢੇ ਦੇ ਦਰਬਾਰ 'ਚ ਸਾਡੀਆਂ ਅਰਜ਼ੀਆਂ।

- ਸਵਜੀਤ

Thursday, July 5, 2018

(ਜ਼ਿੰਦਗੀ ਦੇ ਕੈਲੰਡਰ 'ਚੋਂ ਅਕਸਰ ਗ਼ੈਰ-ਹਾਜ਼ਰ ਰਹਿਣ ਵਾਲ਼ੇ ਐਤਵਾਰ ਦੇ ਨਾਮ...)

ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।
ਨਵੀਂ ਹਵੇਲੀ ਪਿੱਛੇ ਲੁਕਿਆ ਜਿਵੇਂ ਮਕਾਨ ਪੁਰਾਣਾ।

ਚੜ੍ਹਦੇ ਸੂਰਜ ਦੀ ਤਿੱਖੀ ਧੁੱਪ ਉੱਠਣ ਨੂੰ ਮਜ਼ਬੂਰ ਕਰੇ
ਲਾਗਿਓਂ ਵਹਿੰਦੇ ਰਾਹ ਦਾ ਮੋੜ ਵੀ ਅੱਖੀਂ ਮਿਰਚਾਂ ਵਾਂਗ ਲੜੇ
ਡੂੰਘੇ ਏਸ ਵੀਰਾਨੇ ਦੀ ਫੜ ਉਂਗਲ ਹੋਈਏ ਉੱਠ ਖੜ੍ਹੇ
ਘੜੀ ਦੇ ਦੰਦਿਆਂ ਨੂੰ ਫੜ ਕੇ ਮਨਮਰਜ਼ੀ ਨਾਲ਼ ਘੁਮਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

ਹੋਵੇ ਖੀਸਾ ਖਾਲੀ ਤੇ ਜਾ ਵਿੱਚ ਬਾਜ਼ਾਰੀਂ ਵੜਨਾ,
ਬਿਨ ਹਥਿਆਰੋਂ ਜਿੱਦਾਂ ਦੈਂਤ ਦੇ ਸੀਨੇ 'ਤੇ ਜਾ ਚੜ੍ਹਨਾ,
ਬੈਠ ਕੇ ਵਿੱਚ ਪਤਾਲ਼ੀਂ ਫਿਰ ਖ਼ਾਬਾਂ ਦਾ ਸੂਰਜ ਫੜਨਾ
ਤੇ ਸੂਰਜ ਦੀ ਤਪਸ਼ ਤੋਂ ਬਚਿਆਂ ਰਹਿਣ ਦਾ ਸ਼ੁਕਰ ਮਨਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

ਗੁਰੂਦੁਆਰੇ ਕੋਲ਼ੋਂ ਲੰਘਣਾ ਤੇ ਸਿਰ ਨੀਵਾਂ ਰੱਖਣਾ
ਲੋਕੀਂ ਕਰਨ ਪਏ ਅਰਦਾਸਾਂ ਨਾਲ਼ ਹੈਰਾਨੀ ਤੱਕਣਾ
ਤੇ ਕੰਧ ਉੱਤੋਂ ਉੱਲਰੀ ਵੇਲ ਦੇ ਟੁੱਟੇ ਹੋਏ ਫੁੱਲ ਚੱਕਣਾ
ਫੇਰ ਪਤਾ ਨਹੀਂ ਕਿਹੜੀ ਗੱਲੋਂ ਮਨ ਹੀ ਮਨ ਮੁਸਕਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਨਿੱਕੇ ਨਿੱਕੇ ਬੱਚਿਆਂ ਦੇ ਨਾਲ਼ ਹੱਸ ਹੱਸ ਗੱਲਾਂ ਕਰਨਾ
ਤੋਤਲੀਆਂ ਭਾਸ਼ਾਵਾਂ ਦਾ ਨਿੱਤ ਨਵਾਂ ਤਰਜਮਾ ਕਰਨਾ
ਦੇਖ ਕੇ ਰੰਗ ਬਿਰੰਗੀਆਂ ਚੋਜਾਂ ਦਿਲ ਦਾ ਵਿਹੜਾ ਭਰਨਾ
ਫਿਰ ਮਗਰੋਂ ਜਾਂਦਿਆਂ ਨੂੰ ਤੱਕਣਾ ਤੇ 'ਟਵਿੰਕਲ-ਟਵਿੰਕਲ' ਗਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਸੂਰਜ ਪੰਧ ਮੁਕਾ ਕੇ ਆਪਣਾ ਆਖ਼ਰ ਨੂੰ ਛਿਪ ਜਾਵੇ
ਨਿੰਮਾ ਜਿਹਾ ਗ਼ਮ ਘੋਰ ਉਦਾਸੀ ਅੰਦਰੋ-ਅੰਦਰੀ ਖਾਵੇ
ਜਿਸ ਘਰ ਵਿੱਚ ਕੋਈ ਉਡੀਕੇ ਨਾ ਜਾਵਣ ਤੋਂ ਵੀ ਭੈਅ ਆਵੇ
ਫਿਰ ਸੱਤਵੇਂ-ਅੱਠਵੇਂ ਪਹਿਰ ਅਚਾਨਕ ਉੱਠਣਾ ਤੇ ਤੁਰ ਜਾਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਭਾਵੇਂ ਕੁਝ ਵੀ ਨਹੀਂ ਹੈ ਆਪਣਾ ਤਾਂ ਵੀ ਆਪਣਾ ਜਾਪੇ
ਜੇ ਤੂੰ ਨਹੀਂ ਆਉਣਾ ਮੇਰੇ ਦੁਆਰੇ ਮੈਂ ਚੱਲ ਆਇਆ ਆਪੇ
ਫ਼ਿਕਰਾਂ ਵਿੱਚ ਗੁਆਚੇ, 'ਸੁੱਖ' ਨੂੰ ਫਿਰਨ ਭਾਲ਼ਦੇ ਮਾਪੇ
ਭੱਜ ਸਕੂਲੋਂ ਮੇਲਾ ਵੇਖੇ ਜਿੱਦਾਂ ਕੋਈ ਨਿਆਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

- ਸਵਜੀਤ