Saturday, October 31, 2009

ਬੱਦਲਾਂ ਦੇ ਖ਼ੱਤ...

ਗ਼ਜ਼ਲ

ਚੱਲਦੇ ਚੱਲਦੇ ਸਿੱਧੇ ਰਾਹੀਂ ਮੋੜ ਬਥੇਰੇ ਆਵਣਗੇ,
ਲੰਘ ਗਏ ਜਾਂ ਰਹਿ‘ਗੇ ਪਿੱਛੇ ਹੋਰ ਬਥੇਰੇ ਆਵਣਗੇ.

ਚਾਨਣ ਦੀ ਮਿਕਦਾਰ ਤੋਂ ਨਾ ਅੰਦਾਜਾ ਲਾਵੀਂ ਸੂਰਜ ਦਾ,
ਪਹੁ ਫ਼ੁੱਟਣ ਤੋਂ ਪਹਿਲਾਂ ਤਾਂ ਘਨਘੋਰ ਹਨੇਰੇ ਆਵਣਗੇ.

ਰਾਗਾਂ ਦੇ ਇਸ ਜੰਗਲ੍ ਵਿੱਚ ਜੇ ਛਾਂਟ ਸਕੇਂ ਤਾਂ ਛਾਂਟ ਲਵੀਂ,
ਪੌਣਾਂ ਦੀ ਝਾਂਜਰ ਨਾਲ ਖਹਿ ਕੇ ਸ਼ੋਰ ਬਥੇਰੇ ਆਵਣਗੇ.

ਕੱਚੇ ਘਰ ਦਾ ਮੋਹ ਨਾ ਰੱਖ ਜੇ ਪਿਆਸ ਬੁਝਾਉਣੀ ਧਰਤੀ ਦੀ,
ਬੱਦਲਾਂ ਦੇ ਖ਼ੱਤ ਬਰਸਣਗੇ ਤਾਂ ਖੋਰ ਬਨੇਰੇ ਆਵਣਗੇ.

ਵਾਂਗ ਪਪੀਹੇ ਕੱਲਰ ਦੇ ਵਿੱਚ ਕੱਲੀ ਕੂਕੇ ਗ਼ਜ਼ਲ ਤੇਰੀ,
ਖੈਰ ਮਨਾਉਂਦੇ ਸਾਵਣ ਦੀ ‘ਸੁੱਖ’ ਮੋਰ ਬਥੇਰੇ ਆਵਣਗੇ.

- ਸਵਜੀਤ

ਕਿ ਸੂਰਜ ਮਰ ਨਹੀਂ ਜਾਂਦਾ...

ਗ਼ਜ਼ਲ


ਜਦੋਂ ਤੱਕ ਵੀ ਮੇਰੇ ਕਦਮਾਂ ਦੇ ਹੇਠ ਮੁਕਾਮ ਨਾ ਆਵੇ,
ਮੈਂ ਚਾਹੁੰਦਾ ਹਾਂ ਮੇਰੀ ਇਸ ਤੜ੍ਹਪ ਨੂੰ ਆਰਾਮ ਨਾ ਆਵੇ.

ਬੜਾ ਬੇਚੈਨ ਹੋ ਉੱਠਦਾ ਕੋਈ ਸੁਕਰਾਤ ਮਨ ਵਿਚਲਾ,
ਮੇਰੇ ਹਰ ਬੋਲ ਤੇ ਭਰਿਆ ਜੇ ਵਿਸ਼ ਦਾ ਜਾਮ ਨਾ ਆਵੇ.

ਜੁਦਾ ਕਾਤਿਲ ਤੇਰੇ ਤੋਂ ਦੱਸ ਕਿਵੇਂ ਮੈਂ ਕਹਿ ਦਿਆਂ ਖੁਦ ਨੂੰ,
ਉਸੇ ਦੀ ਮੌਤ ਦਾ ਜੇ ਸਿਰ ਮੇਰੇ ਇਲਜ਼ਾਮ ਨਾ ਆਵੇ.

ਹੋ ਜਾਵੇ ਰਾਤ ਜਦ ਵੀ ਚੰਨ ਰਾਹੀਂ ਚਮਕ ਸੁਟਦਾ,
ਕਿ ਸੂਰਜ ਮਰ ਨਹੀਂ ਜਾਂਦਾ ਜੇ ਉਹ ਸ਼ਰੇਆਮ ਨਾ ਆਵੇ.

ਲੜਾਈ ਤਾਂ ਰਹੂ ਸਾਡੀ ਸੁਬ੍ਹਾ ਦੇ ਆਉਣ ਤੱਕ ਜਾਰੀ,
ਤੂੰ ਰੱਖੀਂ ਚੇਤਿਆਂ ਵਿੱਚ ਲੋਅ ਕਦੇ ਵੀ ਸ਼ਾਮ ਨਾ ਆਵੇ.

- ਸਵਜੀਤ

ਆਉਧ...

ਆਉਧ

ਰੋਜ਼ ਸੁਬ੍ਹਾ ਇੱਕ ਸੂਰਜ ਆਵੇ
ਅਰਥੀ ਰਿਸ਼ਮਾਂ ਸਜੀ ਲਿਆਵੇ
ਯਾਦਾਂ ਤੇਰੀਆਂ ਦੀ ਦਹਿਲੀਜ਼ ਤੋਂ
ਮੇਰੀ ਲੋਥ ਉਠਾ ਲੈ ਜਾਵੇ.

ਸਾਰੀ ਰਾਤ ਉਹ ਸੂਰਜ ਮੈਨੂੰ
ਅੰਬਰ ਧਰਤੀ ਦੀ ਸੈਰ ਕਰਾਵੇ
ਅੱਖੀਓਂ ਵਹਿੰਦੇ ਅੱਥਰੂ ਨੂੰ
ਆਪਣੇ ਸੇਕ ਦੇ ਨਾਲ ਸੁਕਾਵੇ,
ਦਿਨ ਢਲਦੇ ਹੀ ਕਿਉਂ ਫਿਰ ਮੈਨੂੰ
ਮਕਤਲ ਤੇ ਮੇਰੇ ਆ ਛੱਡ ਜਾਵੇ,
ਕਿਉਂ ਮੇਰੇ ਨਾਲ ਦਗਾ ਕਮਾਵੇ?

ਰਾਤੀਂ ਕੋਈ ਇੱਕ ਚੰਨ ਵੀ ਚੜ੍ਹਦਾ
ਸ਼ੌਕ ਨਾਲ ਜ਼ੁਲਮਾਂ ਨੂੰ ਤੱਕਦਾ
ਖੌਰੇ ਕੀ ਓਹਦੇ ਮਨ ਵਿੱਚ ਵਸਦਾ
ਵਾਅਦਾ ਮੁਆਫ ਗਵਾਹ ਬਣ ਜਾਵੇ,
ਵਿੱਚ ਕਟਹਿਰੇ ਜਦ ਮੈਂ ਸੱਦਾਂ
ਦਰਸ਼ਕ ਮੂਕ ਜਿਹਾ ਖੜ ਜਾਵੇ.
ਇਹ ਵੀ ਮੈਨੂੰ ਬੜਾ ਸਤਾਵੇ.

ਇੱਕ ਗੱਲ ਮੈਨੂੰ ਦੱਸਦਾ ਜਾਈਂ
ਜਿੰਦ ਨਿਮਾਣੀ ਕਿਉਂ ਤੜਫਾਈ
ਸਾਰੀ ਤੇਰੀ ਕਾਇਨਾਤ ਕਿਉਂ
ਹਾਰ ਮੇਰੀ ਤੇ ਇੰਜ ਮੁਸਕਾਵੇ..?

ਅਜਬ ਜਿਹੀ ਇੱਕ ਮੌਤ ਮਰਾਂ ਮੈਂ
ਅਜਬ ਜਿਹੀ ਇੱਕ ਆਉਧ ਹੰਢਾਵਾਂ
ਕੀਹਦੇ ਅੱਗੇ ਹਾਲ ਫਰੋਲਾਂ
ਕੀਹਦੇ ਅੱਗੇ ਤਰਲੇ ਪਾਵਾਂ,
ਮੇਰੀ ਜ਼ਿੰਦਗੀ ਮੇਰੀ ਝੋਲੀਂ
ਕਿਸ਼ਤਾਂ ਵਿੱਚ ਕਿਉਂ ਟੁੱਟ ਕੇ ਆਵੇ.
ਨਿੱਤ ਸਵੇਰੇ ਜਨਮ ਲਏ ’ਸੁੱਖ’
ਰੋਜ਼ ਰਾਤ ਭੰਵਰਾ ਉੱਡ ਜਾਵੇ....
ਰੋਜ਼ ਰਾਤ ਭੰਵਰਾ....

- ਸਵਜੀਤ

ਰਾਹਾਂ ਦੀ ਸ਼ਰਾਰਤ...

ਗ਼ਜ਼ਲ

ਇਹ ਰਾਹਾਂ ਦੀ ਕੋਈ ਸ਼ਰਾਰਤ ਨਹੀਂ ਹੈ,
ਕਿ ਤੇਰੇ ਹੀ ਕਦਮਾਂ ’ਚ ਹਰਕਤ ਨਹੀਂ ਹੈ.

ਹਵਾਵਾਂ ਨੂੰ ਦੇਣਾ ਵੀ ਕੀ ਦੋਸ਼ ਆਖਿਰ,
ਉਡਾਣਾਂ ’ਚ ਹੀ ਜਦਕਿ ਹਿੰਮਤ ਨਹੀਂ ਹੈ.

ਖੁਦਾ ਬਣ ਨਾ ਸਕਿਆ ਤੂੰ ਐਪਰ ਅਜੇ ਵੀ,
ਤੇਰੇ ਨਾਮ ਬਾਝੋਂ ਇਬਾਦਤ ਨਹੀਂ ਹੈ.

ਤੂੰ ਸਮਝੀਂ ਨਾ ਖੁਦ ਨੂੰ ਗੁਨਾਹਾਂ ਤੋਂ ਕੋਰਾ,
ਲਬਾਂ ਤੇ ਜੇ ਮੇਰੇ ਸ਼ਿਕਾਇਤ ਨਹੀਂ ਹੈ.

ਕਦੇ ਸਾਹ ਨਾ ਆਵੇ ਬਿਨਾ ਮਹਿਕ ਉਸਦੀ,
ਕਿਵੇਂ ਕਹਿ ਦਿਆਂ ਯਾਰ ਆਦਤ ਨਹੀਂ ਹੈ.

ਨਾ ਕਾਤਿਲ ਹੀ ਆਵੇ ਨਾ ਕਾਸਿਦ ਹੀ ਆਵੇ,
ਦੁਆਵਾਂ ’ਚ ਵੀ ਹੁਣ ਤਾਂ ਤਾਕਤ ਨਹੀਂ ਹੈ.

ਮੈਂ ਸੁਣਿਆ ਹੈ ਲੱਭਦੇ ਓ ਅੱਜ ਕੱਲ ਮਸੀਹਾ,
ਹੈ ‘ਸੁੱਖ ਸਾਬ੍ਹ’ ਇਸ਼ਕ ਇਹ ਮੁਸੀਬਤ ਨਹੀਂ ਹੈ.

- ਸਵਜੀਤ

ਇਸ਼ਕ ਦੀ ਜਮਾਤ...

ਗ਼ਜ਼ਲ

ਕਦੇ ਸੂਰਜ ਨਹੀਂ ਮਰਦਾ ਕਿ ਬਸ ਇੱਕ ਰਾਤ ਹੁੰਦੀ ਹੈ.
ਹਨੇਰੀ ਰਾਤ ਤਾਂ ਜੁਗਨੂੰ ਲਈ ਸੌਗਾਤ ਹੁੰਦੀ ਹੈ.

ਸੁਨੇਹਾ ਬਣ ਕੇ ਚਾਨਣ ਦਾ ਜੋ ਛਾ ਜਾਂਦੀ ਹੈ ਅੰਬਰ ਤੇ,
ਲਹੂ ਰੰਗੀ ਉਹ ਲਾਲੀ ਹੀ ਤਾਂ ਬਸ ਪ੍ਰਭਾਤ ਹੁੰਦੀ ਹੈ.

ਕਿਸੇ ਨੇ ਚੜਨ ਤੋਂ ਪਹਿਲਾਂ ਜੇ ਰੱਸੇ ਨੂੰ ਹੀ ਚੁੰਮ ਲਿਆ,
ਕਿਸੇ ਜ਼ੱਲਾਦ ਨੂੰ ਸਭ ਤੋਂ ਬੜੀ ਇਹ ਮਾਤ ਹੁੰਦੀ ਹੈ.

ਨਾ ਦੇ ਉਸਨੂੰ ਤੂੰ ਐਨਾ ਹੱਕ ਤੈਨੂੰ ਰੋਕ ਕੇ ਰੱਖੇ,
ਕਿ ਮੰਜ਼ਿਲ ਤਾਂ ਅਗੇਰੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ.

ਕੋਈ ਪਲ਼ਦਾ ਬਜ਼ਾਰਾਂ ਤੇ ਕੋਈ ਚੱਲਦਾ ਕਟਾਰਾਂ ਤੇ,
ਐ ਸਾਥੀ ਇਸ਼ਕ ਦੀ ਵੀ ਖਾਸ ਇੱਕ ਜਮਾਤ ਹੁੰਦੀ ਹੈ.

- ਸਵਜੀਤ

ਜ਼ਿੰਦਗੀ ਦੇ ਇਮਤਿਹਾਨ...(ਗ਼ਜ਼ਲ)

ਗ਼ਜ਼ਲ

ਆਉਂਦੇ ਨੇ ਵਿੱਚ ਰਾਹਾਂ ਜੇ ਤੂਫਾਨ ਆਉਣਦੇ.
ਦੇਵਾਂਗੇ ਜ਼ਿੰਦਗੀ ਦੇ ਇਮਤਿਹਾਨ ਆਉਣਦੇ.

ਖੁਦ ਨੂੰ ਟੁੱਟਣ ਦੇਵੀਂ ਨਾ ਪਰ ਤੂੰ ਜ਼ਮੀਨ ਤੋਂ,
ਆਉਂਦਾ ਏ ਹੇਠ ਪੈਰਾਂ ਦੇ ਅਸਮਾਨ ਆਉਣਦੇ.

ਹੱਸਦੀ ਹੈ ਤਾਂ ਹੱਸ ਲੈਣ ਦੇ ਹੱਥਾਂ ’ਚ ਹੱਥਕੜੀ,
ਬੁੱਲਾਂ ਤੇ ਤਾਂ ਜ਼ਰਾ ਕੁ ਤੂੰ ਮੁਸਕਾਨ ਆਉਣਦੇ.

ਸੀਨਾ ਹੈ ਤੇਰੀ ਤਾਕ ’ਚ ਖੰਜਰ ਟਟੋਲ ਤੂੰ,
ਸਾਨੂੰ ਵੀ ਜੀਣ ਦਾ ਕੋਈ ਸਨਮਾਨ ਪਾਉਣਦੇ.

ਤੈਨੰ ਵੀ ਹੈ ਗਰੂਰ ਕਤਲਗਾਹ ਦੀ ਨੁਹਾਰ ਤੇ,
ਦੇਖੀਂ ਤੂੰ ‘ਸੁੱਖ’ ਦਾ ਵੀ ਜਲੌਅ ਸਮਸ਼ਾਨ ਆਉਣਦੇ.

- ਸਵਜੀਤ