Saturday, November 28, 2015

ਚਲੋ ਕੋਈ ਗੱਲ ਕਰੋ...

ਗ਼ਰੂਰ ਤੋੜੀਏ ਚੁੱਪ ਦਾ, ਚਲੋ ਕੋਈ ਗੱਲ ਕਰੋ।
ਹਵਾ ਨੂੰ ਸਾਹ ਮਿਲੇ ਸੁੱਖ ਦਾ, ਚਲੋ ਕੋਈ ਗੱਲ ਕਰੋ।

ਟਿਕੀ ਹੋਈ ਰਾਤ ਹੈ, ਸੰਨਾਟਿਆਂ ਦਾ ਸਾਜ਼ ਵੀ ਸੁਰ ਹੈ,
ਬਣਾਈਏ ਗੀਤ ਫਿਰ ਧੁਖ਼ਦਾ, ਚਲੋ ਕੋਈ ਗੱਲ ਕਰੋ।

ਹਨੇਰੀਆਂ ਦਾ ਦੌਰ, ਪੱਤੇ ਸਹਿਕਦੇ ਤੱਕ ਕੇ,
ਕਲ਼ੇਜਾ ਤੜਫਦਾ ਰੁੱਖ ਦਾ, ਚਲੋ ਕੋਈ ਗੱਲ ਕਰੋ।

ਬੜੀ ਉਮੀਦ ਹੈ ਮਾਰੂਥਲਾਂ ਨੂੰ, ਬੋਲ ਬਰਸਣਗੇ,
ਮਿਜ਼ਾਜ ਗਰਮ ਹੈ ਧੁੱਪ ਹੈ, ਚਲੋ ਕੋਈ ਗੱਲ ਕਰੋ।

ਜਦੋਂ ਯੁੱਧ-ਨਾਦ ਗੂੰਜੇਗਾ, ਉਹਦੇ ਵੀ ਬੋਲ ਪਰਤਣਗੇ।
ਅਜੇ ਮਨ ਹੋਰ ਹੈ 'ਸੁੱਖ' ਦਾ, ਚਲੋ ਕੋਈ ਗੱਲ ਕਰੋ।

-- ਸਵਜੀਤ

ਉਲ਼ਝੇ ਸਵਾਲ ਤੇਰੇ...


ਉਲ਼ਝੇ ਸਵਾਲ ਤੇਰੇ, ਉਲ਼ਝੇ ਜਵਾਬ ਤੇਰੇ,
ਉਲ਼ਝਿਆ ਫਿਰੇਂ ਤੂੰ ਵੀ, ਉਲ਼ਝੇ ਨੇ ਖ਼ਾਬ ਤੇਰੇ।

ਸੂਰਤ ਪਿਆਰੀ ਤੇਰੀ ਤੱਕਣੀ ਮੁਹਾਲ ਹੋਈ,
ਬਣੇ ਸਾਡੀ ਜਾਨ ਦਾ ਖੌਅ, ਸੈਂਕੜੇ ਨਕਾਬ ਤੇਰੇ।

ਸਤਲੁਜ ਮੇਰਾ ਤੇ ਬਿਆਸ ਵੀ ਮੈਂ ਰੱਖ ਲਿਆ,
ਜਿਹਲਮ ਸਾਂਝਾ ਸਾਡਾ, ਰਾਵੀ ਤੇ ਚਨਾਬ ਤੇਰੇ।

ਨੈਣ ਪਥਰਾਏ ਕਿਵੇਂ ਪੱਥਰਾਂ ਦੇ ਵਾਂਗ ਹੋਏ,
ਦੇਖ ਕੇ ਪਰਾਇਆ ਦੁੱਖ, ਡੁੱਲਦੇ ਨਾ ਆਬ ਤੇਰੇ।

ਜ਼ਖ਼ਮਾਂ 'ਚ ਸੋਹਣਿਆ ਵੇ, ਵਿੰਨਿਆ ਵਜੂਦ ਪਿਆ,
ਨਾਮ ਤੂੰ ਕਹਾਵੇਂ 'ਸੁੱਖ', ਬੱਲੇ ਓ ਜਨਾਬ ਤੇਰੇ।

-ਸਵਜੀਤ

Monday, August 29, 2011ਅਗਲਾ ਸੰਸਕਰਣ...

ਸੁਰਖ਼ ਫ਼ਰੇਰਾ
ਜਦ ਵੀ ਡਿੱਗਦਾ ਹੈ
ਖ਼ੁਸ਼ਕ, ਬੰਜਰ ਜ਼ਮੀਨ ਨੂੰ ਨਹੀਂ ਛੁੰਹਦਾ.
ਲਹੂ ਨਾਲ ਸਿੰਜੀ,
ਲਾਲ ਵੱਤਰ ਭੋਂ 'ਤੇ ਵਿਛਦਾ ਹੈ.
ਮੁੜ੍ਹ ਫੇਰ ਉੱਗਣ ਲਈ
ਇਕ ਤੋਂ ਹਜ਼ਾਰ ਬਣ ਕੇ
ਲਹਿਰਾਉਣ ਲਈ.
ਦੋ ਤੂਫਾਨਾਂ ਵਿਚਲੀ
ਵਕਫੇ ਦੀ ਲੀਕ.
ਇਹੀ ਤਾਂ ਹੈ
ਯਥਾਰਥ
ਸਾਡੇ ਸਮਿਆਂ ਦਾ.

-ਸਵਜੀਤ

Thursday, March 25, 2010

23 ਮਾਰਚ ਤੇ ਭਗਤ ਸਿੰਘ ਨੂੰ ਯਾਦ ਕਰਦਿਆਂ...

ਆਹ ਕੀ ਖਬਰਾਂ ਦੇ ਵਿੱਚ ਅੱਜ ਕਹਿਰ ਵੇਖਿਆ.
ਤੇਰੇ ਗਲ਼ ਵਿੱਚ ਹਾਰ ਪਾਉਂਦਾ ਡਾਇਰ ਵੇਖਿਆ.

ਤੇਰੇ ਸੁਪਨੇ ਅਧੂਰੇ ਕਹਿੰਦੇ ਕਰ ਦੇਣੇ ਪੂਰੇ,
ਭੱਜ ਵੋਟਾਂ ਪਾਉਣ ਜਾਂਦਾ ਤੇਰਾ ਸ਼ਹਿਰ ਵੇਖਿਆ.

ਚਿੱਟੇ ਕੁੜਤੇ ਪਜਾਮਿਆਂ ਨੇ ਮੱਲੀਆਂ ਸਟੇਜਾਂ,
ਫਿਰ ਸਿੰਮਦਾ ਸਪੀਕਰਾਂ ਚੋਂ ਜ਼ਹਿਰ ਵੇਖਿਆ.

ਜਿੱਥੇ ਸੁੱਟਿਆ ਤੂੰ ਬੰਬ ਉੱਥੇ ਲਾਉਣਾ ਤੇਰਾ ਬੁੱਤ,
ਤੇਰੀ ਸੋਚ ਦਾ ਬਲਾਤਕਾਰ ਠਹਿਰ ਵੇਖਿਆ.

ਕਿਵੇਂ ਨਜ਼ਰਾਂ ਮਿਲਾਈਏ ਕਿਵੇਂ ਸਾਹਵੇਂ ਤੇਰੇ ਆਈਏ,
ਅੱਜ ਆਪਣੇ ਹੀ ਚਿਹਰਿਆਂ ’ਚ ਗੈਰ ਵੇਖਿਆ.

ਤੇਰੇ ਵਾਰਿਸਾਂ ਦੇ ਕੋਲ਼ ਲੈ ਕੇ ਜਾਣੇ ਤੇਰੇ ਬੋਲ,
ਏਹੋ ਟਹਿਕਦਾ ਸਿਤਾਰਾ ਚੱਤੋਂ ਪਹਿਰ ਵੇਖਿਆ.

- ਸਵਜੀਤ
੨੪/੦੩/੧੦

Friday, February 5, 2010

ਵੀਰਾਨ ਗੁਲਸ਼ਨ

ਵੀਰਾਨ ਗੁਲਸ਼ਨ

ਕਿਸ ਨੇ ਕਿਹਾ ਨਹੀ ਆਵੇਗਾ ਮੌਸਮ ਬਹਾਰ ਦਾ.
ਵੀਰਾਨ ਗੁਲਸ਼ਨ ਐਵੇਂ ਤਾਂ ਨਹੀ ਦਿਨ ਗੁਜ਼ਾਰਦਾ.

ਇਤਿਹਾਸ ਥੰਮ ਗਿਆ ਹੈ ਅਖੇ ਰੁਕ ਗਿਆ ਸਮਾਂ,
ਵਹਿਮ ਹੈ ਫ਼ੋਕਾ ਕਿਸੇ ਦਿਲ-ਏ-ਬਿਮਾਰ ਦਾ.

ਮਨ ਅੰਦਰ ਪਲ੍ਦੀਆਂ ਵੇਲਾਂ ਨੂੰ ਤਾਂ ਛੂਹ ਨਹੀ ਸਕਦੀ,
ਗਰਦਨ ਤੱਕ ਹੀ ਬਣਦਾ ਹੈ ਸਦਾ ਦਾਇਰਾ ਕਟਾਰ ਦਾ.

ਦਿਨ ਚੜੇ ’ਤੇ ਫੁੱਲ ਖਿੜਨਗੇ ਤੂੰ ਰਾਤ ਨੂੰ ਮਹਿਕਾ,
ਇੱਕ ਫੁੱਲ ਰਾਤ-ਰਾਣੀ ਦਾ ਤੈਨੂੰ ਪੁਕਾਰਦਾ.

ਫਿੱਕੀ ਨਾ ਕਿਧਰੋਂ ਰਹਿ ਜਾਏ ਲਿਸ਼ਕੋਰ ਲਫ਼ਜ਼ਾਂ ਦੀ,
ਉੱਠ-ਉੱਠ ਕੇ ਰਾਤਾਂ ਨੂੰ ਕੋਈ ਗ਼ਜ਼ਲਾਂ ਸੰਵਾਰਦਾ.

- ਸਵਜੀਤ
੦੫/੦੨/੨੦੧੦

Monday, December 14, 2009

ਹੱਥੀਂ ਅੱਟਣ, ਟੋਸਟ-ਮੱਖਣ...

ਭੁੱਖੇ ਢਿੱਡ ਤੇ ਠੰਡੀਆਂ ਰਾਤਾਂ.
ਕਾਹਦੇ ਧਰਮ ਤੇ ਕਿਹੜੀਆਂ ਜਾਤਾਂ.

ਹੱਥੀਂ ਅੱਟਣ, ਟੋਸਟ-ਮੱਖਣ,
ਦੋ ਹੀ ਦੁਨੀਆ ਵਿੱਚ ਜਮਾਤਾਂ.

ਬਲ੍ਦੇ ਸਿਵੇ ਤੇ ਠਰਦੇ ਚੁੱਲੇ,
ਲਾਪਰਵਾਹੀ ਦੀਆਂ ਸੌਗਾਤਾਂ.

ਰੰਗ ਲਹੂ ਦਾ ਮੰਗਣ ਸਾਥੋਂ,
ਫਿੱਕੀਆਂ-ਫਿੱਕੀਆਂ ਇਹ ਪ੍ਰਭਾਤਾਂ.

ਸੁਪਨੇ ਨੂੰ ਆਕਾਰ ਬਖ਼ਸ਼ਣਾ,
ਸੀਨੇ ਚੋਂ ਪਿਘਲਾ ਕੇ ਧਾਤਾਂ.

ਜੇ ਨਾਂ ਕਲਮੋਂ ਜੀਵਨ ਉਪਜੇ,
ਡੁੱਬ ਕੇ ਮਰੀਏ ਵਿੱਚ ਦਵਾਤਾਂ.

- ਸਵਜੀਤ

Thursday, December 3, 2009

ਯੁਧਿਸ਼ਟਰੀ ਸੱਚ ਦੇ ਰੂ-ਬ-ਰੂ...

ਤੇਰੇ ਖੰਜਰ ਦੇ ਐ ਕਾਤਿਲ ਕਿਵੇਂ ਅੱਜ ਹੋਸ਼੍ ਭੁੱਲੇ ਨੇ.
ਅਸਾਡੀ ਮੌਤ ਤੇ ਲੱਗਦੈ ਕਿਸੇ ਦੇ ਹੋਂਠ ਖੁੱਲੇ ਨੇ.

ਨਾ ਬੁਝਦੀ ਹੈ ਨਾ ਮਘਦੀ ਹੈ ਅਗਨ ਸਿਵਿਆਂ ਦੀ ਇਹਨਾਂ ਤੋਂ,
ਨਗਰ ਤੇਰੇ ਜੋ ਵਗਦੇ ਨੇ ਬੜੇ ਕਮਜ਼ੋਰ ਬੁੱਲੇ ਨੇ.

ਬੁਝੇ ਹੋਣੇ ਨੇ ਕੁੱਝ ਜੁਗਨੂੰ ਤੇਰੇ ਵੀ ਗ਼ਰਾਂ ਅੰਦਰ,
ਹੈ ਵਹਿੰਦਾ ਸੇਕ ਨੈਣਾਂ ਚੋਂ ਬੜੇ ਹੀ ਸਰਦ ਚੁੱਲੇ ਨੇ.

ਹਵਾ ਨੇ ਹਾਰ ਕੇ ਚੁੱਕਿਆ ਕਦਮ ਯੁਧਿਸ਼ਟਰੀ ਸੱਚ ਦਾ,
ਨਾ ਬਿਖਰੇ ਹੌਸਲੇ ਸਾਡੇ ਅਥਾਹ ਤੂਫ਼ਾਨ ਝੁੱਲੇ ਨੇ.

ਹੋ ਸਕਿਆ ਤਾਂ ਕਰ ਦੇਵੀਂ ਤੂੰ ਮੈਨੂੰ ਮਾਫ਼ ਐ ਕਵਿਤਾ,
ਕਿ ਬਣਕੇ ਨਾਮ ਕਾਗ਼ਜ਼ ਤੇ ਤੇਰਾ ਕੁੱਝ ਹਰਫ਼ ਡੁੱਲੇ ਨੇ.

- ਸਵਜੀਤ