Monday, December 14, 2009

ਹੱਥੀਂ ਅੱਟਣ, ਟੋਸਟ-ਮੱਖਣ...

ਭੁੱਖੇ ਢਿੱਡ ਤੇ ਠੰਡੀਆਂ ਰਾਤਾਂ.
ਕਾਹਦੇ ਧਰਮ ਤੇ ਕਿਹੜੀਆਂ ਜਾਤਾਂ.

ਹੱਥੀਂ ਅੱਟਣ, ਟੋਸਟ-ਮੱਖਣ,
ਦੋ ਹੀ ਦੁਨੀਆ ਵਿੱਚ ਜਮਾਤਾਂ.

ਬਲ੍ਦੇ ਸਿਵੇ ਤੇ ਠਰਦੇ ਚੁੱਲੇ,
ਲਾਪਰਵਾਹੀ ਦੀਆਂ ਸੌਗਾਤਾਂ.

ਰੰਗ ਲਹੂ ਦਾ ਮੰਗਣ ਸਾਥੋਂ,
ਫਿੱਕੀਆਂ-ਫਿੱਕੀਆਂ ਇਹ ਪ੍ਰਭਾਤਾਂ.

ਸੁਪਨੇ ਨੂੰ ਆਕਾਰ ਬਖ਼ਸ਼ਣਾ,
ਸੀਨੇ ਚੋਂ ਪਿਘਲਾ ਕੇ ਧਾਤਾਂ.

ਜੇ ਨਾਂ ਕਲਮੋਂ ਜੀਵਨ ਉਪਜੇ,
ਡੁੱਬ ਕੇ ਮਰੀਏ ਵਿੱਚ ਦਵਾਤਾਂ.

- ਸਵਜੀਤ

Thursday, December 3, 2009

ਯੁਧਿਸ਼ਟਰੀ ਸੱਚ ਦੇ ਰੂ-ਬ-ਰੂ...

ਤੇਰੇ ਖੰਜਰ ਦੇ ਐ ਕਾਤਿਲ ਕਿਵੇਂ ਅੱਜ ਹੋਸ਼੍ ਭੁੱਲੇ ਨੇ.
ਅਸਾਡੀ ਮੌਤ ਤੇ ਲੱਗਦੈ ਕਿਸੇ ਦੇ ਹੋਂਠ ਖੁੱਲੇ ਨੇ.

ਨਾ ਬੁਝਦੀ ਹੈ ਨਾ ਮਘਦੀ ਹੈ ਅਗਨ ਸਿਵਿਆਂ ਦੀ ਇਹਨਾਂ ਤੋਂ,
ਨਗਰ ਤੇਰੇ ਜੋ ਵਗਦੇ ਨੇ ਬੜੇ ਕਮਜ਼ੋਰ ਬੁੱਲੇ ਨੇ.

ਬੁਝੇ ਹੋਣੇ ਨੇ ਕੁੱਝ ਜੁਗਨੂੰ ਤੇਰੇ ਵੀ ਗ਼ਰਾਂ ਅੰਦਰ,
ਹੈ ਵਹਿੰਦਾ ਸੇਕ ਨੈਣਾਂ ਚੋਂ ਬੜੇ ਹੀ ਸਰਦ ਚੁੱਲੇ ਨੇ.

ਹਵਾ ਨੇ ਹਾਰ ਕੇ ਚੁੱਕਿਆ ਕਦਮ ਯੁਧਿਸ਼ਟਰੀ ਸੱਚ ਦਾ,
ਨਾ ਬਿਖਰੇ ਹੌਸਲੇ ਸਾਡੇ ਅਥਾਹ ਤੂਫ਼ਾਨ ਝੁੱਲੇ ਨੇ.

ਹੋ ਸਕਿਆ ਤਾਂ ਕਰ ਦੇਵੀਂ ਤੂੰ ਮੈਨੂੰ ਮਾਫ਼ ਐ ਕਵਿਤਾ,
ਕਿ ਬਣਕੇ ਨਾਮ ਕਾਗ਼ਜ਼ ਤੇ ਤੇਰਾ ਕੁੱਝ ਹਰਫ਼ ਡੁੱਲੇ ਨੇ.

- ਸਵਜੀਤ

Thursday, November 26, 2009

ਤੇਰੇ ਦਾਨਿਸ਼ਵਰਾਂ ਦਾ...

ਤੇਰੇ ਦਾਨਿਸ਼ਵਰਾਂ ਦਾ


ਤੇਰੇ ਦਾਨਿਸ਼ਵਰਾਂ ਦਾ ਖਾਸ ਕਰ ਖਿਆਲ ਰੱਖਦੇ ਹਾਂ.
ਜਵਾਬ ਹੋਣ ਜਿਹਨਾਂ ਦੇ ਓਹੀ ਸਵਾਲ ਰੱਖਦੇ ਹਾਂ.

ਮਤੇ ਕੋਈ ਟਹਿਕ ਹੀ ਉੱਠੇ ਟੀਸ ਦੁੱਖਦੀ ਹੋਈ ਰਗ਼ ਦੀ,
ਕਿਸੇ ਦੀ ਨਬਜ਼ ਤੇ ਹੱਥ ਵੀ ਬੜਾ ਸੰਭਾਲ ਰੱਖਦੇ ਹਾਂ.

ਅਸਾਡੇ ਜ਼ਖ਼ਮ ਨੂੰ ਕਾਰੀਗਰੀ ਆਪਣੀ ਕਿਹਾ ਉਸਨੇ,
ਇਸੇ ਲਈ ਆਪਣੇ ਹੱਥਾਂ ‘ਚ ਅੱਜ-ਕੱਲ ਢਾਲ੍ ਰੱਖਦੇ ਹਾਂ.

ਸਫ਼ਰ ਮੁਸ਼ਕਿਲ ਬੜਾ ਹੈ ਸਿਰਫ਼ ਕਵਿਤਾ ਨਾਲ ਸਰਨਾ ਨਈਂ,
ਰਲ਼ਾ ਕੇ ਵਿੱਚ ਦਵਾਤਾਂ ਦੇ ਦਵਾਈ ਨਾਲ ਰੱਖਦੇ ਹਾਂ.

ਬੜੀ ਹੀ ਖੂਬਸੂਰਤ ਸੀ ਸੁਨਿਹਰੀ ਰੌਸ਼ਨੀ ਉਸਦੀ,
ਹਨੇਰੀ ਰਾਤ ਵਿੱਚ ਸੁਪਨਾ ਸੁਬ੍ਹਾ ਦਾ ਬਾਲ੍ ਰੱਖਦੇ ਹਾਂ.

- ਸਵਜੀਤ

Monday, November 23, 2009

ਗ਼ਜ਼ਲ ਨਹੀਂ...

ਗ਼ਜ਼ਲ ਨਹੀਂ...

ਸਾਡੇ ਜਜ਼ਬਾਤ ਸ਼ਾਇਰੀ ਆਪਣੀ ਕਰਾਂਗੇ.
ਜਿਵੇਂ ਤੜਫੂਗੀ ਰੂਹ ਉਵੇਂ ਕਲਮ ਫੜਾਂਗੇ.

ਕੱਚਾ ਹੋਵੇ ਪੱਕਾ ਭਾਵੇਂ ਘੜੇ ਦੀ ਨਾ ਗੱਲ ਕਰ,
ਸ਼ੂਕਦੇ ਝਨਾਂ ਨੂੰ ਜ਼ਿੱਦ ਆਸਰੇ ਤਰਾਂਗੇ.

ਜ਼ਿੰਦਗੀ ਨੂੰ ਵੱਖ-ਵੱਖ ਕੋਣਾਂ ਤੋਂ ਉਭਾਰਦੀ ਜੋ,
ਮਰ ਕੇ ਹਜ਼ੂਰ ਪੂਰੀ ਗ਼ਜ਼ਲ ਕਰਾਂਗੇ.

ਕਾਲੇ ਬੜੇ ਕੀਤੇ ਸਫੇ ਕਰਨੇ ਸੁਨਿਹਰੀ,
ਹੁਣ ਕਲਮਾਂ ‘ਚ ਭਿੰਨੀ ਭਿੰਨੀ ਚਾਨਣੀ ਭਰਾਂਗੇ.

ਨਾ ਹੋਣਾ ਸੂਰਜ ਦਾ ਰੌਸ਼ਨੀ ਦੀ ਮੌਤ ਨਹੀ,
ਰਲ੍ ਸਾਰੇ ਜੁਗਨੂੰ ਹਨੇਰੇ ਨੂੰ ਵਰਾਂਗੇ.

ਰਾਤ ਦੇ ਮੁਸਾਫਿਰਾਂ ਨੂੰ ਖੌਫ ਕਦੋਂ ਸੁਰਮੇ ਦਾ,
ਸਾਹਮਣੇ ਖਲੋ ਕੇ ਤੇਰੇ ਨੈਣਾਂ ਨੂੰ ਜਰਾਂਗੇ.

- ਸਵਜੀਤ

Saturday, October 31, 2009

ਬੱਦਲਾਂ ਦੇ ਖ਼ੱਤ...

ਗ਼ਜ਼ਲ

ਚੱਲਦੇ ਚੱਲਦੇ ਸਿੱਧੇ ਰਾਹੀਂ ਮੋੜ ਬਥੇਰੇ ਆਵਣਗੇ,
ਲੰਘ ਗਏ ਜਾਂ ਰਹਿ‘ਗੇ ਪਿੱਛੇ ਹੋਰ ਬਥੇਰੇ ਆਵਣਗੇ.

ਚਾਨਣ ਦੀ ਮਿਕਦਾਰ ਤੋਂ ਨਾ ਅੰਦਾਜਾ ਲਾਵੀਂ ਸੂਰਜ ਦਾ,
ਪਹੁ ਫ਼ੁੱਟਣ ਤੋਂ ਪਹਿਲਾਂ ਤਾਂ ਘਨਘੋਰ ਹਨੇਰੇ ਆਵਣਗੇ.

ਰਾਗਾਂ ਦੇ ਇਸ ਜੰਗਲ੍ ਵਿੱਚ ਜੇ ਛਾਂਟ ਸਕੇਂ ਤਾਂ ਛਾਂਟ ਲਵੀਂ,
ਪੌਣਾਂ ਦੀ ਝਾਂਜਰ ਨਾਲ ਖਹਿ ਕੇ ਸ਼ੋਰ ਬਥੇਰੇ ਆਵਣਗੇ.

ਕੱਚੇ ਘਰ ਦਾ ਮੋਹ ਨਾ ਰੱਖ ਜੇ ਪਿਆਸ ਬੁਝਾਉਣੀ ਧਰਤੀ ਦੀ,
ਬੱਦਲਾਂ ਦੇ ਖ਼ੱਤ ਬਰਸਣਗੇ ਤਾਂ ਖੋਰ ਬਨੇਰੇ ਆਵਣਗੇ.

ਵਾਂਗ ਪਪੀਹੇ ਕੱਲਰ ਦੇ ਵਿੱਚ ਕੱਲੀ ਕੂਕੇ ਗ਼ਜ਼ਲ ਤੇਰੀ,
ਖੈਰ ਮਨਾਉਂਦੇ ਸਾਵਣ ਦੀ ‘ਸੁੱਖ’ ਮੋਰ ਬਥੇਰੇ ਆਵਣਗੇ.

- ਸਵਜੀਤ

ਕਿ ਸੂਰਜ ਮਰ ਨਹੀਂ ਜਾਂਦਾ...

ਗ਼ਜ਼ਲ


ਜਦੋਂ ਤੱਕ ਵੀ ਮੇਰੇ ਕਦਮਾਂ ਦੇ ਹੇਠ ਮੁਕਾਮ ਨਾ ਆਵੇ,
ਮੈਂ ਚਾਹੁੰਦਾ ਹਾਂ ਮੇਰੀ ਇਸ ਤੜ੍ਹਪ ਨੂੰ ਆਰਾਮ ਨਾ ਆਵੇ.

ਬੜਾ ਬੇਚੈਨ ਹੋ ਉੱਠਦਾ ਕੋਈ ਸੁਕਰਾਤ ਮਨ ਵਿਚਲਾ,
ਮੇਰੇ ਹਰ ਬੋਲ ਤੇ ਭਰਿਆ ਜੇ ਵਿਸ਼ ਦਾ ਜਾਮ ਨਾ ਆਵੇ.

ਜੁਦਾ ਕਾਤਿਲ ਤੇਰੇ ਤੋਂ ਦੱਸ ਕਿਵੇਂ ਮੈਂ ਕਹਿ ਦਿਆਂ ਖੁਦ ਨੂੰ,
ਉਸੇ ਦੀ ਮੌਤ ਦਾ ਜੇ ਸਿਰ ਮੇਰੇ ਇਲਜ਼ਾਮ ਨਾ ਆਵੇ.

ਹੋ ਜਾਵੇ ਰਾਤ ਜਦ ਵੀ ਚੰਨ ਰਾਹੀਂ ਚਮਕ ਸੁਟਦਾ,
ਕਿ ਸੂਰਜ ਮਰ ਨਹੀਂ ਜਾਂਦਾ ਜੇ ਉਹ ਸ਼ਰੇਆਮ ਨਾ ਆਵੇ.

ਲੜਾਈ ਤਾਂ ਰਹੂ ਸਾਡੀ ਸੁਬ੍ਹਾ ਦੇ ਆਉਣ ਤੱਕ ਜਾਰੀ,
ਤੂੰ ਰੱਖੀਂ ਚੇਤਿਆਂ ਵਿੱਚ ਲੋਅ ਕਦੇ ਵੀ ਸ਼ਾਮ ਨਾ ਆਵੇ.

- ਸਵਜੀਤ

ਆਉਧ...

ਆਉਧ

ਰੋਜ਼ ਸੁਬ੍ਹਾ ਇੱਕ ਸੂਰਜ ਆਵੇ
ਅਰਥੀ ਰਿਸ਼ਮਾਂ ਸਜੀ ਲਿਆਵੇ
ਯਾਦਾਂ ਤੇਰੀਆਂ ਦੀ ਦਹਿਲੀਜ਼ ਤੋਂ
ਮੇਰੀ ਲੋਥ ਉਠਾ ਲੈ ਜਾਵੇ.

ਸਾਰੀ ਰਾਤ ਉਹ ਸੂਰਜ ਮੈਨੂੰ
ਅੰਬਰ ਧਰਤੀ ਦੀ ਸੈਰ ਕਰਾਵੇ
ਅੱਖੀਓਂ ਵਹਿੰਦੇ ਅੱਥਰੂ ਨੂੰ
ਆਪਣੇ ਸੇਕ ਦੇ ਨਾਲ ਸੁਕਾਵੇ,
ਦਿਨ ਢਲਦੇ ਹੀ ਕਿਉਂ ਫਿਰ ਮੈਨੂੰ
ਮਕਤਲ ਤੇ ਮੇਰੇ ਆ ਛੱਡ ਜਾਵੇ,
ਕਿਉਂ ਮੇਰੇ ਨਾਲ ਦਗਾ ਕਮਾਵੇ?

ਰਾਤੀਂ ਕੋਈ ਇੱਕ ਚੰਨ ਵੀ ਚੜ੍ਹਦਾ
ਸ਼ੌਕ ਨਾਲ ਜ਼ੁਲਮਾਂ ਨੂੰ ਤੱਕਦਾ
ਖੌਰੇ ਕੀ ਓਹਦੇ ਮਨ ਵਿੱਚ ਵਸਦਾ
ਵਾਅਦਾ ਮੁਆਫ ਗਵਾਹ ਬਣ ਜਾਵੇ,
ਵਿੱਚ ਕਟਹਿਰੇ ਜਦ ਮੈਂ ਸੱਦਾਂ
ਦਰਸ਼ਕ ਮੂਕ ਜਿਹਾ ਖੜ ਜਾਵੇ.
ਇਹ ਵੀ ਮੈਨੂੰ ਬੜਾ ਸਤਾਵੇ.

ਇੱਕ ਗੱਲ ਮੈਨੂੰ ਦੱਸਦਾ ਜਾਈਂ
ਜਿੰਦ ਨਿਮਾਣੀ ਕਿਉਂ ਤੜਫਾਈ
ਸਾਰੀ ਤੇਰੀ ਕਾਇਨਾਤ ਕਿਉਂ
ਹਾਰ ਮੇਰੀ ਤੇ ਇੰਜ ਮੁਸਕਾਵੇ..?

ਅਜਬ ਜਿਹੀ ਇੱਕ ਮੌਤ ਮਰਾਂ ਮੈਂ
ਅਜਬ ਜਿਹੀ ਇੱਕ ਆਉਧ ਹੰਢਾਵਾਂ
ਕੀਹਦੇ ਅੱਗੇ ਹਾਲ ਫਰੋਲਾਂ
ਕੀਹਦੇ ਅੱਗੇ ਤਰਲੇ ਪਾਵਾਂ,
ਮੇਰੀ ਜ਼ਿੰਦਗੀ ਮੇਰੀ ਝੋਲੀਂ
ਕਿਸ਼ਤਾਂ ਵਿੱਚ ਕਿਉਂ ਟੁੱਟ ਕੇ ਆਵੇ.
ਨਿੱਤ ਸਵੇਰੇ ਜਨਮ ਲਏ ’ਸੁੱਖ’
ਰੋਜ਼ ਰਾਤ ਭੰਵਰਾ ਉੱਡ ਜਾਵੇ....
ਰੋਜ਼ ਰਾਤ ਭੰਵਰਾ....

- ਸਵਜੀਤ

ਰਾਹਾਂ ਦੀ ਸ਼ਰਾਰਤ...

ਗ਼ਜ਼ਲ

ਇਹ ਰਾਹਾਂ ਦੀ ਕੋਈ ਸ਼ਰਾਰਤ ਨਹੀਂ ਹੈ,
ਕਿ ਤੇਰੇ ਹੀ ਕਦਮਾਂ ’ਚ ਹਰਕਤ ਨਹੀਂ ਹੈ.

ਹਵਾਵਾਂ ਨੂੰ ਦੇਣਾ ਵੀ ਕੀ ਦੋਸ਼ ਆਖਿਰ,
ਉਡਾਣਾਂ ’ਚ ਹੀ ਜਦਕਿ ਹਿੰਮਤ ਨਹੀਂ ਹੈ.

ਖੁਦਾ ਬਣ ਨਾ ਸਕਿਆ ਤੂੰ ਐਪਰ ਅਜੇ ਵੀ,
ਤੇਰੇ ਨਾਮ ਬਾਝੋਂ ਇਬਾਦਤ ਨਹੀਂ ਹੈ.

ਤੂੰ ਸਮਝੀਂ ਨਾ ਖੁਦ ਨੂੰ ਗੁਨਾਹਾਂ ਤੋਂ ਕੋਰਾ,
ਲਬਾਂ ਤੇ ਜੇ ਮੇਰੇ ਸ਼ਿਕਾਇਤ ਨਹੀਂ ਹੈ.

ਕਦੇ ਸਾਹ ਨਾ ਆਵੇ ਬਿਨਾ ਮਹਿਕ ਉਸਦੀ,
ਕਿਵੇਂ ਕਹਿ ਦਿਆਂ ਯਾਰ ਆਦਤ ਨਹੀਂ ਹੈ.

ਨਾ ਕਾਤਿਲ ਹੀ ਆਵੇ ਨਾ ਕਾਸਿਦ ਹੀ ਆਵੇ,
ਦੁਆਵਾਂ ’ਚ ਵੀ ਹੁਣ ਤਾਂ ਤਾਕਤ ਨਹੀਂ ਹੈ.

ਮੈਂ ਸੁਣਿਆ ਹੈ ਲੱਭਦੇ ਓ ਅੱਜ ਕੱਲ ਮਸੀਹਾ,
ਹੈ ‘ਸੁੱਖ ਸਾਬ੍ਹ’ ਇਸ਼ਕ ਇਹ ਮੁਸੀਬਤ ਨਹੀਂ ਹੈ.

- ਸਵਜੀਤ

ਇਸ਼ਕ ਦੀ ਜਮਾਤ...

ਗ਼ਜ਼ਲ

ਕਦੇ ਸੂਰਜ ਨਹੀਂ ਮਰਦਾ ਕਿ ਬਸ ਇੱਕ ਰਾਤ ਹੁੰਦੀ ਹੈ.
ਹਨੇਰੀ ਰਾਤ ਤਾਂ ਜੁਗਨੂੰ ਲਈ ਸੌਗਾਤ ਹੁੰਦੀ ਹੈ.

ਸੁਨੇਹਾ ਬਣ ਕੇ ਚਾਨਣ ਦਾ ਜੋ ਛਾ ਜਾਂਦੀ ਹੈ ਅੰਬਰ ਤੇ,
ਲਹੂ ਰੰਗੀ ਉਹ ਲਾਲੀ ਹੀ ਤਾਂ ਬਸ ਪ੍ਰਭਾਤ ਹੁੰਦੀ ਹੈ.

ਕਿਸੇ ਨੇ ਚੜਨ ਤੋਂ ਪਹਿਲਾਂ ਜੇ ਰੱਸੇ ਨੂੰ ਹੀ ਚੁੰਮ ਲਿਆ,
ਕਿਸੇ ਜ਼ੱਲਾਦ ਨੂੰ ਸਭ ਤੋਂ ਬੜੀ ਇਹ ਮਾਤ ਹੁੰਦੀ ਹੈ.

ਨਾ ਦੇ ਉਸਨੂੰ ਤੂੰ ਐਨਾ ਹੱਕ ਤੈਨੂੰ ਰੋਕ ਕੇ ਰੱਖੇ,
ਕਿ ਮੰਜ਼ਿਲ ਤਾਂ ਅਗੇਰੇ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ.

ਕੋਈ ਪਲ਼ਦਾ ਬਜ਼ਾਰਾਂ ਤੇ ਕੋਈ ਚੱਲਦਾ ਕਟਾਰਾਂ ਤੇ,
ਐ ਸਾਥੀ ਇਸ਼ਕ ਦੀ ਵੀ ਖਾਸ ਇੱਕ ਜਮਾਤ ਹੁੰਦੀ ਹੈ.

- ਸਵਜੀਤ

ਜ਼ਿੰਦਗੀ ਦੇ ਇਮਤਿਹਾਨ...(ਗ਼ਜ਼ਲ)

ਗ਼ਜ਼ਲ

ਆਉਂਦੇ ਨੇ ਵਿੱਚ ਰਾਹਾਂ ਜੇ ਤੂਫਾਨ ਆਉਣਦੇ.
ਦੇਵਾਂਗੇ ਜ਼ਿੰਦਗੀ ਦੇ ਇਮਤਿਹਾਨ ਆਉਣਦੇ.

ਖੁਦ ਨੂੰ ਟੁੱਟਣ ਦੇਵੀਂ ਨਾ ਪਰ ਤੂੰ ਜ਼ਮੀਨ ਤੋਂ,
ਆਉਂਦਾ ਏ ਹੇਠ ਪੈਰਾਂ ਦੇ ਅਸਮਾਨ ਆਉਣਦੇ.

ਹੱਸਦੀ ਹੈ ਤਾਂ ਹੱਸ ਲੈਣ ਦੇ ਹੱਥਾਂ ’ਚ ਹੱਥਕੜੀ,
ਬੁੱਲਾਂ ਤੇ ਤਾਂ ਜ਼ਰਾ ਕੁ ਤੂੰ ਮੁਸਕਾਨ ਆਉਣਦੇ.

ਸੀਨਾ ਹੈ ਤੇਰੀ ਤਾਕ ’ਚ ਖੰਜਰ ਟਟੋਲ ਤੂੰ,
ਸਾਨੂੰ ਵੀ ਜੀਣ ਦਾ ਕੋਈ ਸਨਮਾਨ ਪਾਉਣਦੇ.

ਤੈਨੰ ਵੀ ਹੈ ਗਰੂਰ ਕਤਲਗਾਹ ਦੀ ਨੁਹਾਰ ਤੇ,
ਦੇਖੀਂ ਤੂੰ ‘ਸੁੱਖ’ ਦਾ ਵੀ ਜਲੌਅ ਸਮਸ਼ਾਨ ਆਉਣਦੇ.

- ਸਵਜੀਤ