Saturday, July 8, 2023

ਹੈ ਪਹਾੜਾਂ ਦੀ ਖੁਸ਼ਬੋ ਹਵਾਵਾਂ 'ਚ।
ਤੇਰੇ ਵਾਲਾਂ ਦੀ ਜਿਉਂ ਮੇਰੇ ਸਾਹਵਾਂ 'ਚ।
ਨਾਮ ਹੀ ਹੁਣ ਤਾਂ ਬਸ ਰਹਿ ਗਿਆ ਮੇਰਾ,
ਰਹਿ ਗਿਆ ਮੈਂ ਕਿਤੇ ਓਹਨਾ ਰਾਹਵਾਂ 'ਚ।
ਬੁਲਾਇਆ ਮੈਂ ਖੁਦ ਹੀ ਮੁਸੀਬਤ ਨੂੰ,
ਐਨਾ ਦਮ ਸੀ ਕਿੱਥੇ ਬਲਾਵਾਂ 'ਚ!
ਹੈ ਘੁੰਮਣਾ ਜੇ ਨਿੱਜ ਦੇ ਦੁਆਲੇ ਹੀ,
ਖਿੱਲਰ ਕਿਉਂ ਨਾ ਜਾਵਾਂ ਖਲਾਵਾਂ 'ਚ?
ਨਜ਼ਰ ਓਹਦੀ ਮੰਨਦੀ ਕਦੋਂ ਨਕਸ਼ੇ,
ਜੋ ਘਰ ਲੈ ਕੇ ਤੁਰ ਪਏ ਨਿਗਾਹਾਂ 'ਚ।

- ਸਵਜੀਤ 

ਤੇਰੇ ਹੱਥਾਂ ਨੇ ਇਹ ਦੁਨੀਆਂ ਬਣਾਈ

ਦੁਨੀਆਂ ਵਸਾਉਣ ਵਾਲਿਆ

ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ
ਦੁਨੀਆਂ ਵਸਾਉਣ ਵਾਲਿਆ।
ਲੋਹੇ ਦੀਆਂ ਮਾਰਾਂ ਸਹਿੰਨੈਂ ਲੋਹੇ ਨਾਲ ਖੱਪਦੈਂ,
ਲੋਹੇ ਦੇ ਔਜ਼ਾਰਾਂ ਵਾਂਗੂ ਮੰਡੀਆਂ 'ਚ ਵਿਕਦੈਂ,
ਰਹੀ ਅੱਟਣਾਂ' ਚੋਂ ਰਿਸਦੀ ਖੁਦਾਈ।
ਦੁਨੀਆਂ ਵਸਾਉਣ ਵਾਲਿਆ।
ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ...
ਬਹਿ ਕੇ ਏ. ਸੀ ਰੂਮਾਂ ਵਿੱਚ ਮਾਰਦੇ ਨਾ ਗੱਲਾਂ ਦੇਖ,
ਮਾਰੀਆਂ ਤੂੰ ਜਿਹੜੀਆਂ ਅਤੀਤ ਵਿੱਚ ਮੱਲਾਂ ਦੇਖ,
ਕਿਵੇਂ ਦਿਨਾਂ ਵਿੱਚ ਧਰਤੀ ਹਿਲਾਈ।
ਦੁਨੀਆਂ ਵਸਾਉਣ ਵਾਲਿਆ...
ਮੁੱਠੀ ਬੰਦ ਏਕਤਾ ਹੀ ਇੱਕੋ ਹਥਿਆਰ ਵੇ,
ਧਰਮਾਂ ਤੇ ਜਾਤਾਂ ਨਾ' ਕੀ ਤੇਰਾ ਸਾਰੋਕਾਰ ਵੇ,
ਤੇਰੀ ਧਨ ਦੇ ਅੰਬਾਰਾਂ ਨਾ' ਲੜਾਈ।
ਦੁਨੀਆਂ ਵਸਾਉਣ ਵਾਲਿਆ...
ਜਿੱਥੇ ਕਿਤੇ ਨਕਸ਼ੇ 'ਤੇ ਲਹੂ ਤੇਰਾ ਡੁੱਲਿਆ,
ਲਹੂ ਵਿੱਚੋਂ ਸੁਪਨਾ ਫਰੇਰਾ ਬਣ ਝੁੱਲਿਆ,
ਰਾਤਾਂ 'ਨੇਰੀਆਂ 'ਚ ਜਾਵੇ ਲਹਿਰਾਈ।
ਦੁਨੀਆਂ ਵਸਾਉਣ ਵਾਲਿਆ...
ਅੰਤ ਇਤਿਹਾਸ ਦਾ ਨਾ ਹੋਇਆ ਨਾ ਹੀ ਹੋਣਾ ਏਂ,
ਤੇਰੀ ਇਹ ਗੁਲਾਮੀ ਬਾਝੋਂ ਦੱਸ ਕੀ ਜੋ ਖੋਣਾ ਏਂ?
ਸਾਰੇ ਦੁੱਖਾਂ ਦੀ ਤੂੰ ਆਪ ਹੈਂ ਦਵਾਈ।
ਦੁਨੀਆਂ ਵਸਾਉਣ ਵਾਲਿਆ...
ਤੇਰੀ ਕਿਹੜੇ ਖਾਤੇ ਜਾਂਦੀ ਐ ਕਮਾਈ...
- ਸਵਜੀਤ

ਹੁਣ ਕਦੇ ਵੀ ਭਰਮ ਨਹੀਂ ਹੁੰਦਾ।

ਰਹੇ ਹਿੰਮਤ ਜੇ ਦਮ ਨਹੀਂ ਹੁੰਦਾ।


ਤੇਰੇ ਮਿਲਣੇ ’ਤੇ ਚੌਕ ਜਾਂਦੇ ਹਾਂ,
ਤੇਰੇ ਵਿਛੜਨ ਦਾ ਗ਼ਮ ਨਹੀਂ ਹੁੰਦਾ।

ਸਫ਼ਰ ਨੈਣਾਂ ’ਚ ਤੈਰਦਾ ਰਹਿੰਦਾ,
ਜਦੋਂ ਰਾਹ ’ਤੇ ਕਦਮ ਨਹੀਂ ਹੁੰਦਾ।

ਵਿਚਾਲ਼ੇ ਲਰਜ਼ਦਾ ਹੈ ਜੀਵਨ ਵੀ,
ਚਿਤਾ ਕਰਕੇ ਜਨਮ ਨਹੀਂ ਹੁੰਦਾ।

ਪਹਾੜੋਂ ਪਰਤ ਆਦਮੀ ਨੂੰ ਫਿਰ,
ਉਚਾਈ ਦਾ ਵਹਿਮ ਨਹੀਂ ਹੁੰਦਾ।

ਕਦੇ ਤਾਂ ਮੁੱਕਦੀ ਹੀ ਨਾਂ ਸਿਆਹੀ,
ਕਦੇ ਵਰਕਾ ਖ਼ਤਮ ਨਹੀਂ ਹੁੰਦਾ।
- ਸਵਜੀਤ

Friday, July 7, 2023

ਯਾਦ ਟੁੱਟੇ ਸਾਜ਼ ਦੀ ਇਕ ਗਾਉਣ ਦੇਵੇ ਨਾ ਕਦੇ।

ਠਾਹਕਿਆਂ ਦੀ ਗੂੰਜ ਜੋ ਮੁਸਕਾਉਣ ਦੇਵੇ ਨਾ ਕਦੇ।


ਰਾਤ ਦੇ ਸੰਨਾਟਿਆਂ 'ਚੋਂ ਪਲਮ ਕੇ ਆਉਂਦਾ ਹੈ ਜੋ,

ਸ਼ੋਰ ਚਿੱਟੀ ਚਾਨਣੀ ਦਾ ਸੌਣ ਦੇਵੇ ਨਾ ਕਦੇ।


ਜਲ, ਹਵਾ, ਜਰਖੇਜ਼ ਭੋਂ, ਹੈ ਧੁੱਪ ਵੀ ਖਿੜੀ ਹੋਈ,

ਕਾਹਲ਼ੀਆਂ ਦੀ ਅੱਚਵੀਂ, ਜੜ ਲਾਉਣ ਦੇਵੇ ਨਾ ਕਦੇ।


ਸਾਉਣ ਦੀ ਉਡੀਕ ਹੈ, ਉਮੀਦ ਹੈ, ਯਕੀਨ ਵੀ,

ਗੁੰਮ੍ਹ ਦਾ ਸਿਰ ਤੌਖ਼ਲਾ ਮੰਡਰਾਉਣ ਦੇਵੇ ਨਾ ਕਦੇ।


ਰਾਸਤਾ ਸਿਤਾਰ ਹੈ, ਪੈਰਾਂ 'ਚ ਵੀ ਝਨਕਾਰ ਹੈ,

ਖਬਰੇ ਉਹ ਕਿਹੜੀ ਤਾਰ ਹੈ ਟੁਣਕਾਉਣ ਦੇਵੇ ਨਾ ਕਦੇ।


                                         - ਸਵਜੀਤ

ਛੁਡਾ ਕੇ ਹੱਥ ਤਲ਼ੀਆਂ 'ਤੇ ਕਲੰਡਰ ਧਰ ਗਿਆ ਕੋਈ।
ਜ਼ਮਾਨਾ ਜਿੱਤ ਕੇ ਆਖ਼ਿਰ ਸਮੇਂ ਤੋਂ ਹਰ ਗਿਆ ਕੋਈ।

ਮੁਹੱਬਤ ਹੀ ਰਹੀ ਉਸਨੂੰ, ਮੁਹੱਬਤ ਹੀ ਰਹੀ ਉਸਨੂੰ।
ਮੁਹੱਬਤ ਹੀ ਰਹੀ ਉਸਨੂੰ, ਸ਼ਰਾਰਤ ਕਰ ਗਿਆ ਕੋਈ।

ਕਦੇ ਸੀ ਸ਼ਾਨ ਪੂਰਬ ਦੀ, ਚਮਕ ਸੀ ਆਸਮਾਨਾਂ ਦੀ,
ਜ਼ਰਾ ਉੱਲਰ ਕੇ ਪੱਛਮ ਨੂੰ, ਹਨੇਰਾ ਕਰ ਗਿਆ ਕੋਈ। 

ਹਵਾ ਦਾ ਜ਼ੋਰ ਐਨਾ ਸੀ, ਖਲੋ ਸਕਿਆ ਨਾ ਇੱਕ ਪਲ ਵੀ,
ਥਲਾਂ ਤੋਂ ਲੰਘ ਕੇ ਸਾਗਰ 'ਤੇ ਜਾ ਕੇ ਵਰ੍ਹ ਗਿਆ ਕੋਈ।

ਵਜ੍ਹਾ ਵੀ ਸਮਝਦਾ ਸੀ ਹਾਦਸੇ ਦੀ ਤੇ ਨਤੀਜਾ ਵੀ,
ਤਮਾਸ਼ਾ ਦੇਖਦੇ ਲੋਕਾਂ ਦਾ ਹਾਸਾ ਜਰ ਗਿਆ ਕੋਈ। 

 - ਸਵਜੀਤ

Friday, July 6, 2018

ਘੁਟਣ

ਖੋਲ੍ਹ ਦਿਓ ਦਰਵਾਜ਼ੇ, ਪਰਦੇ, ਖਿੜਕੀਆਂ।
ਘੁਟਣ ਭਰੇ ਮਾਹੌਲ 'ਚ ਕੰਧਾਂ ਤਿੜਕੀਆਂ।

ਤਸਵੀਰਾਂ ਦੇ ਸ਼ੀਸ਼ੇ ਗ਼ਰਦੇ ਨਾਲ਼ ਭਰੇ
ਚਿਹਰੇ ਗਏ ਮਸੋਸੇ ਸੁਣ-ਸੁਣ ਝਿੜਕੀਆਂ।

ਫ਼ੁੱਲਦਾਨਾਂ ਵਿੱਚ ਜਕੜੀਆਂ ਮਹਿਕਾਂ ਕੁਰਲਾਵਣ
ਬਾਹਰ ਰੰਗਾਂ ਤਾਈਂ ਬਹਾਰਾਂ ਤਰਸੀਆਂ।

ਚਾਨਣੀਆਂ ਰਾਤਾਂ ਨਾਲ਼ ਭੁਰਨ ਬਨੇਰੇ ਨਾ
ਧੁੱਪ ਦੇ ਭਾਰ 'ਚ ਕਦ ਨੇ ਨੀਹਾਂ ਗਰਕੀਆਂ।

"ਉੱਚੇ ਘਰ" ਦੀ ਧੀ ਦੇ ਚਾਵਾਂ ਵਾਂਗ ਰੁਲਣ
ਡਾਢੇ ਦੇ ਦਰਬਾਰ 'ਚ ਸਾਡੀਆਂ ਅਰਜ਼ੀਆਂ।

- ਸਵਜੀਤ

Thursday, July 5, 2018

(ਜ਼ਿੰਦਗੀ ਦੇ ਕੈਲੰਡਰ 'ਚੋਂ ਅਕਸਰ ਗ਼ੈਰ-ਹਾਜ਼ਰ ਰਹਿਣ ਵਾਲ਼ੇ ਐਤਵਾਰ ਦੇ ਨਾਮ...)

ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।
ਨਵੀਂ ਹਵੇਲੀ ਪਿੱਛੇ ਲੁਕਿਆ ਜਿਵੇਂ ਮਕਾਨ ਪੁਰਾਣਾ।

ਚੜ੍ਹਦੇ ਸੂਰਜ ਦੀ ਤਿੱਖੀ ਧੁੱਪ ਉੱਠਣ ਨੂੰ ਮਜ਼ਬੂਰ ਕਰੇ
ਲਾਗਿਓਂ ਵਹਿੰਦੇ ਰਾਹ ਦਾ ਮੋੜ ਵੀ ਅੱਖੀਂ ਮਿਰਚਾਂ ਵਾਂਗ ਲੜੇ
ਡੂੰਘੇ ਏਸ ਵੀਰਾਨੇ ਦੀ ਫੜ ਉਂਗਲ ਹੋਈਏ ਉੱਠ ਖੜ੍ਹੇ
ਘੜੀ ਦੇ ਦੰਦਿਆਂ ਨੂੰ ਫੜ ਕੇ ਮਨਮਰਜ਼ੀ ਨਾਲ਼ ਘੁਮਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

ਹੋਵੇ ਖੀਸਾ ਖਾਲੀ ਤੇ ਜਾ ਵਿੱਚ ਬਾਜ਼ਾਰੀਂ ਵੜਨਾ,
ਬਿਨ ਹਥਿਆਰੋਂ ਜਿੱਦਾਂ ਦੈਂਤ ਦੇ ਸੀਨੇ 'ਤੇ ਜਾ ਚੜ੍ਹਨਾ,
ਬੈਠ ਕੇ ਵਿੱਚ ਪਤਾਲ਼ੀਂ ਫਿਰ ਖ਼ਾਬਾਂ ਦਾ ਸੂਰਜ ਫੜਨਾ
ਤੇ ਸੂਰਜ ਦੀ ਤਪਸ਼ ਤੋਂ ਬਚਿਆਂ ਰਹਿਣ ਦਾ ਸ਼ੁਕਰ ਮਨਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

ਗੁਰੂਦੁਆਰੇ ਕੋਲ਼ੋਂ ਲੰਘਣਾ ਤੇ ਸਿਰ ਨੀਵਾਂ ਰੱਖਣਾ
ਲੋਕੀਂ ਕਰਨ ਪਏ ਅਰਦਾਸਾਂ ਨਾਲ਼ ਹੈਰਾਨੀ ਤੱਕਣਾ
ਤੇ ਕੰਧ ਉੱਤੋਂ ਉੱਲਰੀ ਵੇਲ ਦੇ ਟੁੱਟੇ ਹੋਏ ਫੁੱਲ ਚੱਕਣਾ
ਫੇਰ ਪਤਾ ਨਹੀਂ ਕਿਹੜੀ ਗੱਲੋਂ ਮਨ ਹੀ ਮਨ ਮੁਸਕਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਨਿੱਕੇ ਨਿੱਕੇ ਬੱਚਿਆਂ ਦੇ ਨਾਲ਼ ਹੱਸ ਹੱਸ ਗੱਲਾਂ ਕਰਨਾ
ਤੋਤਲੀਆਂ ਭਾਸ਼ਾਵਾਂ ਦਾ ਨਿੱਤ ਨਵਾਂ ਤਰਜਮਾ ਕਰਨਾ
ਦੇਖ ਕੇ ਰੰਗ ਬਿਰੰਗੀਆਂ ਚੋਜਾਂ ਦਿਲ ਦਾ ਵਿਹੜਾ ਭਰਨਾ
ਫਿਰ ਮਗਰੋਂ ਜਾਂਦਿਆਂ ਨੂੰ ਤੱਕਣਾ ਤੇ 'ਟਵਿੰਕਲ-ਟਵਿੰਕਲ' ਗਾਉਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਸੂਰਜ ਪੰਧ ਮੁਕਾ ਕੇ ਆਪਣਾ ਆਖ਼ਰ ਨੂੰ ਛਿਪ ਜਾਵੇ
ਨਿੰਮਾ ਜਿਹਾ ਗ਼ਮ ਘੋਰ ਉਦਾਸੀ ਅੰਦਰੋ-ਅੰਦਰੀ ਖਾਵੇ
ਜਿਸ ਘਰ ਵਿੱਚ ਕੋਈ ਉਡੀਕੇ ਨਾ ਜਾਵਣ ਤੋਂ ਵੀ ਭੈਅ ਆਵੇ
ਫਿਰ ਸੱਤਵੇਂ-ਅੱਠਵੇਂ ਪਹਿਰ ਅਚਾਨਕ ਉੱਠਣਾ ਤੇ ਤੁਰ ਜਾਣਾ।
ਬੜਾ ਚੰਗਾ ਲੱਗਦੈ ਕਦੇ ਕਦੇ...

ਭਾਵੇਂ ਕੁਝ ਵੀ ਨਹੀਂ ਹੈ ਆਪਣਾ ਤਾਂ ਵੀ ਆਪਣਾ ਜਾਪੇ
ਜੇ ਤੂੰ ਨਹੀਂ ਆਉਣਾ ਮੇਰੇ ਦੁਆਰੇ ਮੈਂ ਚੱਲ ਆਇਆ ਆਪੇ
ਫ਼ਿਕਰਾਂ ਵਿੱਚ ਗੁਆਚੇ, 'ਸੁੱਖ' ਨੂੰ ਫਿਰਨ ਭਾਲ਼ਦੇ ਮਾਪੇ
ਭੱਜ ਸਕੂਲੋਂ ਮੇਲਾ ਵੇਖੇ ਜਿੱਦਾਂ ਕੋਈ ਨਿਆਣਾ।
ਬੜਾ ਚੰਗਾ ਲੱਗਦੈ ਕਦੇ ਕਦੇ ਇੰਝ ਖਾਲੀ ਜਿਹਾ ਹੋ ਜਾਣਾ।

- ਸਵਜੀਤ